ਸੇਰ੍ਹੜੀ. Jungle Babbler

  • ਮੁਢਲੀ ਜਾਣਕਾਰੀ
  • ਪਹਿਚਾਣ
  • ਰਹਿਣ ਸਹਿਣ
  • ਪੈਦਾਇਸ਼
  • ਭੋਜਨ ਅਤੇ ਸ਼ਿਕਾਰ
  • ਪ੍ਰਵਾਸ
  • ਖਤਰਾ

ਤਰਨਤਾਰਨ ਸਾਹਿਬ ਦੇ ਕੋਲ ਲਈ ਗਈ ਸੇਰੜ੍ਹੀ ਦੀ ਤਸਵੀਰ

.:ਮੁਢਲੀ ਜਾਣਕਾਰੀ:.

ਸੇਰੜ੍ਹੀ ਦੀਆਂ ਕੁੱਲ 83 ਕਿਸਮਾਂ ਹਨ ਜਿਨ੍ਹਾਂ 'ਚੋਂ ਜੰਗਲੀ ਸੇਰੜ੍ਹੀ ਇਕ ਹੈ। ਭਾਰਤੀ ਉਪਮਹਾਂਦੀਪ ਵਿੱਚ ਬਹੁੱਤ ਹੀ ਆਮ ਪਾਇਆ ਜਾਣ ਵਾਲਾ 'ਤੇ ਝੁੰਡ ਵਿੱਚ ਰਹਿਣ ਵਾਲਾ ਪੰਛੀ ਹੈ  ਜੋ ਕਦੇ ਵੀ ਟਿਕ ਕੇ ਨਹੀਂ ਬੈਠਦਾ। ਇਸਦੇ ਟੋਲੇ ਵਿੱਚ ਅੱਧੀ ਦਰਜਨ ਤੱਕ ਪੰਛੀ ਹੁੰਦੇ ਹਨ, ਏਸੇ ਲਈ ਭਾਰਤ 'ਚ ਕਈ ਥਾਵਾਂ ਤੇ ਇਸਨੂੰ ਸੱਤ ਭੈਣਾਂ ਵੀ ਕਿਹਾ ਜਾਂਦਾ ਹੈ। ਇਸਨੂੰ ਓਲੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੀ ਜੰਗਲ 'ਤੇ ਕੀ ਸ਼ਹਿਰ ਇਸਦੇ ਝੁੰਡ ਦਾ ਰੌਲਾ ਸੁਣਿਆ ਜਾਂ ਸਕਦਾ ਹੈ। ਇਹ ਆਪਣੀ ਨਿਡਰਤਾ ਲਈ ਵੀ ਮਸ਼ਹੂਰ ਹੈ। ਇਸਦਾ ਝੁੰਡ ਜ਼ਮੀਨ 'ਤੇ ਭੋਜਨ ਲਈ ਟਪੂਸੀਆਂ ਮਾਰਦਾ ਅਕਸਰ ਹੀ ਨਜ਼ਰੀਂ ਪੈ ਜਾਂਦਾ ਹੈ। ਇਸ ਵੇਲੇ ਇਹ ਪਿੰਡਾਂ ਖੇਤਾਂ ਨੂੰ ਛੱਡ ਕੇ ਸ਼ਹਿਰਾਂ ਚ ਰਹਿਣ ਨੂੰ ਤਰਜੀਹ ਦੇਣ ਲੱਗੀਆਂ ਹਨ ।

.:ਪਹਿਚਾਣ:.

ਜੰਗਲੀ ਸੇਰੜ੍ਹੀ ਘਸਮੈਲੇ ਰੰਗ ਦਾ ਕਸਥੂਰੀ ਰੰਗ ਵਾਲਾ ਪੰਛੀ ਹੈ ਜੋ ਆਕਾਰ ਵਿੱਚ ਮੈਨਾਂ ਤੋਂ ਛੋਟਾ ਹੁੰਦਾ ਹੈ। ਸ਼ਰੀਰ ਦਾ ਉਪਰਲਾ ਹਿੱਸਾ ਗੂੜਾ ਹੁੰਦਾ ਹੈ ਜਿਸ 'ਤੇ ਨਿਕੇ-ਨਿਕੇ ਡੱਬ ਪਏ ਹੁੰਦੇ ਹਨ। ਚੁੰਝ ਪੀਲੇ ਰੰਗ ਦੀ ਹੁੰਦੀ ਹੈ। ਇਸਦੀ ਪੂਛਲ ਇੰਝ ਲਗਦੀ ਹੈ ਜਿਵੇਂ ਸ਼ਰੀਰ ਦੇ ਨਾਲ ਢਿੱਲੀ ਜਿਹੀ ਟੰਗੀ ਹੋਵੇ। ਇਸਦੀ ਆਵਾਜ਼ ਬਹੁੱਤ ਰੁੱਖੀ 'ਤੇ ਕੰਨ ਖਾਣ ਵਾਲੀ ਹੁੰਦੀ ਹੈ। ਖੰਬ ਛੋਟੇ 'ਤੇ ਗੋਲ ਹੁੰਦੇ ਹਨ ਜੋ ਇਸਨੂੰ ਉਡਣ 'ਚ ਕਮਜ਼ੋਰ ਬਣਾਂਉਦੇ ਹਨ।
ਪਤਰੰਗੇ ਵਾਂਗ ਇਸ ਵਿੱਚ ਵੀ ਨਰ ਤੇ ਮਾਦਾ ਦਿੱਖ ਤੋਂ ਪਹਿਚਾਣੇ ਨਹੀਂ ਜਾਂਦੇ।

ਤਰਨਤਾਰਨ ਸਾਹਿਬ ਦੇ ਕੋਲ ਲਈ ਗਈ ਸੇਰੜ੍ਹੀ ਦੀ ਤਸਵੀਰ
.:ਰਹਿਣ ਸਹਿਣ:.

ਇਹ ਜੰਗਲ, ਪਿੰਡਾਂ ਤੇ ਸ਼ਹਿਰਾਂ 'ਚ ਰਹਿਣ ਦਾ ਸ਼ੌਕੀਨ ਹੁੰਦਾ ਹੈ। ਜਿਸ ਜਗ੍ਹਾ ਦਰੱਖਤ ਤੇ ਪੱਤਿਆਂ ਦਾ ਸਮੂਹ ਹੋਵੇ ਉਸ ਜਗ੍ਹਾ ਤੇ ਸੇਰੜ੍ਹੀ ਆਪਣਾ ਆਲਣ੍ਹਾ ਬਣਾਉਦਾ ਹੈ। ਸੇਰੜ੍ਹੀ ਨੂੰ ਇਕਲਾਪਣ ਬਿਲਕੁਲ ਪਸੰਦ ਨਹੀਂ ਹੈ। ਇਸਦੇ ਝੁੰਡ ਵਿੱਚ 7-10 ਮੈਂਬਰ ਹੋ ਸਕਦੇ ਹਨ। ਝੁੰਡ ਦਾ ਆਪਣਾ ਮਿਥਿਆ ਇਲਾਕਾ ਹੁੰਦਾ ਹੈ 'ਤੇ ਉਸ ਵਿੱਚ ਬਾਹਰੀ ਮਹਿਮਾਨ ਨੂੰ ਆਉਣ ਤੋਂ ਵਰਜਿਆ ਜਾਂਦਾ ਹੈ।
ਝੁੰਡ ਵਿੱਚ ਲਗਾਤਾਰ ਰੌਲੇ ਦੀਆਂ ਅਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿੱਚ ਕਈ ਵਾਰ ਲੜਾਈ ਵਾਲਾ ਮਾਹੌਲ ਵੀ ਹੋ ਜਾਂਦਾ ਹੈ 'ਤੇ ਬਹੁੱਤ ਹੀ ਕੁਰੱਖਤ ਅਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ। ਇਹ ਰੰਜਿਸ਼ ਕੁਝ ਮਿੰਟ ਤੱਕ ਹੀ ਰਹਿੰਦੀ ਹੈ।
ਝੁੰਡ ਵਿੱਚ ਕਿਸੇ ਬਾਹਰੀ ਖਤਰੇ ਜਾਂ ਹਮਲੇ ਦੇ ਵਿਰੁੱਧ ਝੁੰਡ ਸਾਂਝਾ ਮੋਰਚਾ ਕਰ ਲੈਂਦਾ ਹੈ। ਜੇ ਕੋਈ ਬਿੱਲੀ ਜਾਂ ਸ਼ਿਕਰਾ ਝੁੰਡ ਦੇ ਕਿਸੇ ਮੈਂਬਰ ਤੇ ਹਮਲਾ ਕਰ ਦਵੇ ਤਾਂ ਸਾਰਾ ਝੁੰਡ ਬਹੁੱਤ ਹੀ ਦਿਲੇਰੀ ਨਾਲ ਇਕੱਠਾ ਹੋ ਕੇ ਸ਼ਿਕਾਰੀ ਤੇ ਹਮਲਾ ਕਰ ਦਿੰਦਾ ਹੈ 'ਤੇ ਮੈਂਬਰ ਨੂੰ ਬਚਾ ਲੈਂਦੇ ਹਨ।
ਹੋਰ ਝੁੰਡਾਂ 'ਚ ਰਹਿਣ ਵਾਲੇ ਪੰਛੀਆਂ ਵਾਂਗ ਇਹ ਵੀ ਆਪਣੇ ਵਿਹਲੇ ਸਮੇਂ 'ਚ ਇਕ ਦੂਜੇ ਨੂੰ ਚੁੰਝਾਂ ਨਾਲ ਸਵਾਰਦੇ 'ਤੇ ਨਕਲੀ ਲੜਾਈਆਂ ਖੇਡਦੇ ਦੇਖੇ ਜਾ ਸਕਦੇ ਹਨ।
ਕਰਨ ਸ਼ਰਮਾ ਦੁਆਰਾ ਖਿੱਚੀ ਗਈ ਸੇਰੜ੍ਹੀਆਂ ਦੇ ਖੇਡਦਿਆਂ ਦੀ ਤਸਵੀਰ

.:ਪੈਦਾਇਸ਼:.

ਮਾਰਚ-ਅਪ੍ਰੈਲ ਜਾਂ ਜੁਲਾਈ ਸਤੰਬਰ ਦੇ ਮਹੀਨਿਆਂ ਵਿਚ ਮਾਦਾ 4-6 ਆਂਡੇ ਦਿੰਦੀਆਂ ਹਨ ਜੋ ਫਿਰੋਜ਼ੀ ਜਿਹੇ ਨੀਲੇ ਰੰਗ ਦੇ ਹੁੰਦੇ ਹਨ।
ਬਰਸਾਤੀ ਪਪੀਹਾ ਵੀ ਜੁਲਾਈ-ਸਤੰਬਰ ਦੇ ਮਹੀਨਿਆਂ 'ਚ ਸੇਰੜ੍ਹੀ ਦੇ ਆਲ੍ਹਣੇ 'ਚ ਆਪਣੇ ਆਂਡੇ ਦੇ ਜਾਂਦੀ ਹੈ, ਜਿਸ ਨੂੰ Brooding Parasitism ਕਹਿੰਦੇ ਹਨ।
ਬਚਿਆਂ ਨੂੰ ਖਾਣਾ ਖਵਾਉਣ ਲਈ ਮਾਂ-ਪਿਓ ਤੋਂ ਇਲਾਵਾ ਟੋਲੀ ਦੇ ਹੋਰ ਮੈਂਬਰ ਵੀ ਮਦਦ ਕਰਦੇ ਹਨ।
ਇਸ ਦੇ ਬੱਚੇ ਇਕ ਤੋਂ ਡੇੜ ਸਾਲ ਦੇ ਵਿੱਚ ਜਵਾਨ ਹੋ ਜਾਂਦੇ ਹਨ 'ਤੇ 3 ਸਾਲ ਬਾਅਦ ਮਾਦਾ ਆਪਣੇ ਜਨਮ ਸੰਬੰਧੀ ਝੁੰਡ ਨੂੰ ਛੱਡ ਸਕਦੀ ਹੈ।
ਬੋਟਾਂ ਦੇ ਅੱਖ ਦੀ ਪੁਤਲੀ ਗੂੜੇ ਰੰਗ ਦੀ ਹੁੰਦੀ ਹੈ ਜੋ ਉਮਰ ਬੀਤਣ ਨਾਲ ਕ੍ਰੀਮ ਰੰਗ ਦੀ ਹੋ ਜਾਂਦੀ ਹੈ।


.:ਭੋਜਨ ਅਤੇ ਸ਼ਿਕਾਰ:.

ਇਸਦਾ ਮੁੱਖ ਭੋਜਨ ਮੱਕੜੀ, ਕਾਕਰੋਚ, ਭਵੱਕੜ ਅਤੇ ਹੋਰ ਰੇਂਗਣ ਵਾਲੇ ਕੀੜੇ ਹਨ। ਇਸਤੋਂ ਇਲਾਵਾ ਇਹ ਪਿੱਪਲ 'ਤੇ ਬੋਹੜ ਦੀਆਂ ਗੋਲ੍ਹਾਂ ਤੇ ਸਿੰਬਲ ਦੇ ਫੁੱਲ ਦੇ ਰਸ ਦਾ ਵੀ ਸ਼ੌਕੀਨ ਨਾਲ ਪੀਂਦਾ ਹੈ।
ਭੋਜਨ ਦੀ ਖੋਜ 'ਚ ਘੁੰਮਦੇ ਵੇਲੇ ਕੁੱਝ ਪੰਛੀ ਉੱਚੇ ਨਰੀਖਣ ਸਥੱਲ ਤੇ ਬੈਠ ਕੇ ਸੰਤਰੀ ਦਾ ਕੰਮ ਕਰਦੇ ਹਨ। ਕਿਸੇ ਵੀ ਕਿਸਮ ਦੇ ਖਤਰੇ ਜਾਂ ਸ਼ਿਕਾਰੀ ਦੇ ਆਉਣ 'ਤੇ ਸੰਤਰੀ ਇਜੜ ਨੂੰ ਚੇਤੰਨ ਕਰਦਾ ਹੈ ਤੇ ਸਾਰਾ ਝੁੰਡ ਸ਼ਿਕਾਰੀ 'ਤੇ ਹਮਲਾ ਕਰਕੇ ਉਸ ਨੂੰ ਭਜਾ ਦਿੰਦਾ ਹੈ।
ਇਹ ਆਪਣੇ ਮਿਲਾਪੜੇ ਸੁਭਾਅ ਕਾਰਨ ਭੋਜਨ ਦੀ ਤਲਾਸ਼ ਲਈ ਹੋਰ ਪੰਛੀਆਂ ਦੇ ਸਮੂਹ ਨਾਲ ਦੋਸਤੀ ਪਾ ਲੈਂਦਾ ਹੈ।

.:ਪ੍ਰਵਾਸ:.

ਇਹ ਪੰਛੀ ਪ੍ਰਵਾਸ ਨਹੀਂ ਕਰਦਾ ਕਿਉਂਕਿ ਇਕ ਤਾਂ ਇਥੋਂ ਦਾ ਵਾਤਾਵਰਣ ਇਸ ਦੀ ਰਿਹਾਇਸ਼ ਦੇ ਅਨੁਕੂਲ ਹੈ ਅਤੇ ਦੂਸਰਾ ਇਸ ਦੇ ਪਰ ਛੋਟੇ ਅਤੇ ਕਮਜ਼ੋਰ ਹੋਣ ਕਰਕੇ ਇਹ ਜਿਆਦਾ ਲੰਬਾ ਪੈਂਡਾ ਤਹਿ ਨਹੀਂ ਕਰ ਸਕਦੇ।

.:ਖਤਰਾ:.

ਮਾਂਸਾਹਾਰੀ ਪਰਿੰਦਿਆਂ ਤੋਂ ਇਲਾਵਾ ਸੱਪ ਵੀ ਇਸਦੇ ਲਈ ਮੁੱਖ ਖਤਰਾ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਦਿੱਤੀ ਹੋਈ ਜਾਣਕਾਰੀ ਵਿੱਚ ਕੁੱਝ ਗਲਤ ਹੈ ਜਾਂ ਜਾਂ ਅਧੂਰੀ ਹੈ ਤਾਂ ਏਥੇ ਕਲਿਕ ਕਰਕੇ ਮੈਨੂੰ ਸੰਪਰਕ ਕਰੋ।. ਧੰਨਵਾਦ: ਗੌਰਵ ਮਾਧੋਪੁਰੀ

©2013. ALL RIGHTS RESERVED TO AUTHOR. The unauthorized reproduction or distribution of this copyrighted work is illegal.



9 comments:

  1. wah wah nice ji

    ReplyDelete
  2. ਜੀਓ ਵੀਰ, ਬਹੁਤ ਵਧੀਆ ਜਾਣਕਾਰੀ !!

    ReplyDelete
    Replies
    1. ਮਿਰਬਾਨੀ ਗੁਰਪ੍ਰੀਤ ਭਾਜੀ.

      Delete
  3. ਅਛਾ ਉਪਰਾਲਾ ਹੈ ,ਸੁਭ ਇਛਾਵਾਂ ਤੁਹਾਡੇ ਨਾਲ ਹਨ !

    ReplyDelete
  4. ਬੜਾ ਸੋਹਣਾ ਉਪਰਾਲਾ ਵੀਰ ਜੀ ,ਖੁਸ਼ ਰਹੋਂ

    ReplyDelete