ਬੁਲਬੁਲ. Red-vented Bulbul

  • ਮੁਢਲੀ ਜਾਣਕਾਰੀ
  • ਪਹਿਚਾਣ
  • ਰਹਿਣ ਸਹਿਣ
  • ਪੈਦਾਇਸ਼
  • ਭੋਜਨ ਅਤੇ ਸ਼ਿਕਾਰ
  • ਜਨਸੰਖਿਆ
  • ਖਤਰੇ

ਪਿੰਡ ਤਲਵੰਡੀ ਮਾਧੋ ਜਿਲ੍ਹਾ ਜਲੰਧਰ 'ਚ ਬੁਲਬੁਲ ਦੀ ਤਸਵੀਰ

.: ਮੁਢਲੀ ਜਾਣਕਾਰੀ :.

ਬੁਲਬੁਲ ਦੀਆਂ ਦੁਨੀਆਂ 'ਚ ਕੁੱਲ 120 ਕਿਸਮਾਂ ਹਨ ਜਿਨ੍ਹਾਂ ਚੋਂ ਇਹ ਇੱਕ ਹੈ। ਇਹ ਭਾਰਤ, ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਦਾ ਪੱਕਾ ਵਸਨੀਕ ਹੈ। ਸੁਭਾਅ ਵਿੱਚ ਇਹ ਜ਼ਿੰਦਾਦਿਲ ਹੁੰਦਾ ਹੈ 'ਤੇ ਆਵਾਜ਼ ਸੁਹਾਵਣੀ ਹੁੰਦੀ ਹੈ। ਬੁਲਬੁਲ ਜਾਂ ਗੁਲਦਮ ਬਾਰੇ ਸੱਭ ਤੋਂ ਪਹਿਲਾਂ ਜਾਣਕਾਰੀ ਸਵੀਡਨ ਦੇ ਇੱਕ ਉਘੇ ਜੀਵ ਵਿਗਿਆਨੀ ਕਾਰਲ ਫਾਨ ਲਿਨੀਅਸ ਨੇ ਦਿੱਤੀ। ਇਹ ਖਾਣੇ ਵਿੱਚ ਫਲ ਆਦਿ ਪਸੰਦ ਕਰਦਾ ਹੈ 'ਤੇ ਫਲਦਾਰ ਫਸਲਾਂ ਉਜਾੜਣ ਲਈ ਵੀ ਬਦਨਾਮ ਹੈ। ਭਾਰਤ ਦੇ ਕਈ ਹਿਸਿਆਂ 'ਚ ਇਸਨੂੰ ਪਾਲਤੂ ਬਣਾ ਕੇ ਰਖਿਆ ਜਾਂਦਾ ਹੈ ਅਤੇ ਕਰਨਾਟਕ ਦੇ ਕਈ ਇਲਾਕਿਆਂ 'ਚ ਸ਼ਰਤਾਂ ਲਾ ਕੇ ਇਸਦੀ ਲੜਾਈ ਵੀ ਕਰਵਾਈ ਜਾਂਦੀ ਹੈ।


.: ਪਹਿਚਾਣ :.

ਬੁਲਬੁਲ ਸੁਲਤਾਨਪੁਰ ਲੋਧੀ ਪਵਿੱਤਰ ਵੇਈਂ ਦੇ ਕੰਡੇ
ਇਹ ਆਪਣੇ ਕਾਲੇ ਸਿਰ ਉਤੇ ਨਿਕੀ ਜਿਹੀ ਕੂਚੀ ਨੁਮਾ ਬੋਦੀ ਕਾਰਣ ਆਸਾਨੀ ਨਾਲ ਪਹਿਚਾਣ 'ਚ ਆ ਜਾਂਦਾ ਹੈ। ਇਸਦੀ ਚੁੰਝ ਕਾਲੀ ਸ਼ਾਹ ਹੁੰਦੀ ਹੈ। ਮੂੰਹ ਦਾ ਅੰਦਰਲਾ ਹਿੱਸਾ ਵੀ ਲਾਲ ਹੁੰਦਾ ਹੈ। ਇਸਦਾ ਸ਼ਰੀਰ ਧੁਆਂਖੇ ਜਿਹੇ ਭੂਰੇ ਰੰਗ ਦਾ ਹੁੰਦਾ ਹੈ, ਪਿੱਠ 'ਤੇ ਸੀਨੇ ਤੇ ਗੋਲ-ਗੋਲ ਪੱਪੜੀ ਨੁਮਾ ਨਿੱਕੇ-ਨਿੱਕੇ ਨਿਸ਼ਾਨ ਹੁੰਦੇ ਹਨ। ਧੌਣ 'ਤੇ ਸਿਰ ਤੱਕ ਰੰਗ ਕਾਲਾ ਹੁੰਦਾ ਹੈ। ਪਹਾੜੀ ਬੁਲਬੁਲ ਦੀ ਕਲਗੀ ਆਮ ਬੁਲਬੁਲ ਨਾਲੋਂ ਵੱਡੀ ਹੁੰਦੀ ਹੈ। ਪੂਛ ਦੇ ਸ਼ਿੱਖਰ ਤੇ ਚਿੱਟੇ ਰੰਗ ਦਾ ਚਟਾਕ ਹੁੰਦਾ ਹੈ ਜੋ ਇਸਦੀ ਕਠਫੋੜੇ ਵਰਗੀ ਉਛਲਦਾਰ ਉਡਾਣ 'ਚ ਦੇਖਿਆ ਜਾ ਸਕਦਾ ਹੈ।
ਨਰ ਅਤੇ ਮਾਦਾ ਦਿੱਖ ਵਿੱਚ ਇਕੋ ਜਿਹੇ ਹੁੰਦੇ ਹਨ। ਬੱਚਿਆਂ ਦਾ ਰੰਗ ਵੱਡਿਆਂ ਨਾਲੋਂ ਫਿੱਕਾ ਹੁੰਦਾ ਹੈ।
ਭਾਰਤ ਵਿੱਚ ਆਮ ਪਾਇਆ ਜਾਣ ਕਾਰਨ ਹਰ ਇਲਾਕੇ 'ਚ ਇਸਦੇ ਵੱਖ-ਵੱਖ ਨਾਮ ਹਨ ਜਿਵੇਂ:
  • ਹਿਮਾਚਲ 'ਚ ਕਾਲਾ ਪਾਇੰਜੂ,
  • ਆਸਾਮ 'ਚ ਬੁਲਬੁਲੀ ਸੋਰਾਈ,
  • ਭੁਟਾਨ 'ਚ ਹਦੀਓ,
  • ਮਹਾਂਰਾਸ਼ਟ੍ਰ 'ਚ ਲਾਲ ਬਿਧਿਆ ਬੁਲਬੁਲ,
  • ਉੜੀਸਾ 'ਚ ਬੁਲੂਬਲ ਅਤੇ
  • ਤਾਮਿਲਨਾਡੂ 'ਚ ਪਿਗਲੀ ਪਿੱਤਾ।


.: ਰਹਿਣ ਸਹਿਣ :.

ਬੁਲਬੁਲ ਜ਼ਿਆਦਾਤਰ ਮਨੁੱਖੀ ਵਸੋਂ ਦੇ ਨੇੜੇ ਪਾਇਆ ਜਾਂਦਾ ਹੈ। ਸੰਘਣੇ ਜੰਗਲਾਂ ਅਤੇ ਪਹਾੜੀ ਇਲਾਕਿਆਂ ਵਿੱਚ ਇਸਦੀ ਭੈਣ ਪਹਾੜੀ ਬੁਲਬੁਲ ਮਿਲਦੀ ਹੈ।
ਇਸਦਾ ਆਲਣ੍ਹਾਂ ਆਮ ਕਰਕੇ ਨੀਵੇਂ ਰੁੱਖਾਂ, ਝਾੜੀਆਂ ਅਤੇ ਮਨੁੱਖੀ ਰਿਹਾਇਸ਼ ਦੇ ਕੋਲ ਬਣਾਇਆ ਹੁੰਦਾ ਹੈ। ਇਸਦਾ ਆਲਣ੍ਹਾ ਕੱਪ ਦੀ ਸ਼ਕਲ ਦਾ ਹੁੰਦਾ ਹੈ ਜੋ ਆਮ ਕਰਕੇ ਰੁੱਖਾਂ ਦੀਆਂ ਨਿੱਕੀਆਂ ਟਾਹਣੀਆਂ ਅਤੇ ਲੋਹੇ ਦੀਆਂ ਤਾਰਾਂ ਨਾਲ ਬਣਾਇਆ ਹੁੰਦਾ ਹੈ। ਇਹ ਆਪਣੇ ਸਾਥੀ ਕੋਲੋਂ ਕਈ ਵਾਰ ਭੋਜਨ ਖੋਹ ਲੈਂਦਾ ਹੈ, ਇਸਦੇ ਏਸੇ ਸੁਭਾਅ ਕਾਰਣ ਭਾਰਤ ਦੇ ਕਈ ਹਿੱਸਿਆਂ ਵਿੱਚ ਇਹਨਾਂ ਦੀ ਲੜਾਈ ਕਰਵਾਈ ਜਾਂਦੀ ਹੈ। ਬੁਲਬੁਲ ਦੇ ਸ਼ਰੀਰ ਤੇ ਅਕਸਰ ਹੀ ਕੋਕੋਡੀਅਨ ਅਤੇ ਮੈਲੋਫੈਗਾ ਨਾਮ ਦੇ ਜੂੰ ਤੋਂ ਛੋਟੇ ਪਰਜੀਵੀ ਘਰ ਕਰ ਕੇ ਬੈਠ ਜਾਂਦੇ ਹਨ ਜੋ ਕਈ ਵਾਰ ਇਸਨੂੰ ਬਹੁਤ ਬੁਰੀ ਤਰ੍ਹਾਂ ਖਾਰਿਸ਼ ਕਰਨ ਲਈ ਮਜਬੂਰ ਕਰਦੇ ਹਨ।



.: ਪੈਦਾਇਸ਼ :.

ਮਾਦਾ ਬੁਲਬੁਲ ਜੂਨ ਤੋਂ ਸਤੰਬਰ ਮਹੀਨੇ 'ਚ 3-4 ਆਂਡੇ ਦਿੰਦੀ ਹੈ ਜੋ ਰੰਗ ਵਿਚ ਧੁੰਦਲੇ ਗੁਲਾਬੀ ਤੇ ਗੂੜੇ ਲਾਲ ਧੱਬਿਆਂ ਵਾਲੇ ਹੁੰਦੇ ਹਨ। 15-20 ਦਿਨਾਂ ਦੇ ਵਿੱਚ ਇਸਦੇ ਆਂਡੇ ਫੁੱਟ ਜਾਂਦੇ ਹਨ। ਇਸ ਮੌਸਮ 'ਚ ਬਰਸਾਤੀ ਪਪੀਹਾ ਵੀ ਆਪਣੇ ਅੰਡੇ ਬੁਲਬੁਲ ਦੇ ਆਲਣ੍ਹੇ 'ਚ ਦੇ ਜਾਂਦਾ ਹੈ।
ਮਾਂ ਅਤੇ ਪਿਓ ਦੋਨੋਂ ਹੀ ਬੱਚਿਆਂ ਲਈ ਭੋਜਨ ਲੈ ਕੇ ਆਉਂਦੇ ਹਨ।

.: ਭੋਜਨ ਅਤੇ ਸ਼ਿਕਾਰ :.

ਫਲ, ਗੋਲਾਂ ਆਦਿ ਇਸਦੀ ਮੁੱਖ ਖੁਰਾਕ ਹਨ ਪਰ ਇਹ ਫੁੱਲਾਂ ਦੀਆਂ ਪੰਖੁੜੀਆਂ, ਫੁੱਲਾਂ ਦਾ ਰਸ, ਮਟਰ ਅਤੇ ਕੀੜੇ ਮਕੌੜੇ ਵੀ ਬਹੁੱਤ ਸ਼ੌਕੀਨ ਨਾਲ ਖਾਂਦੇ ਹਨ। ਮਾਨਸੂਨ ਦੀਆਂ ਪਹਿਲੀਆਂ ਛਿੱਟਾਂ ਗੁਲਦਮ ਲਈ ਭਾਰੀ ਖਿੱਚ ਰੱਖਦੀਆਂ ਹਨ, ਇਸ ਵੇਲੇ ਇਹ ਸਿੱਲ੍ਹੀ ਜ਼ਮੀਨ 'ਚੋਂ ਨਿਕਲਣ ਵਾਲੇ ਕੀੜੇ-ਮਕੌੜਿਆਂ ਨੂੰ ਫੜਣ ਲਈ ਟਪੂਸੀਆਂ ਮਾਰਦੇ ਰਹਿੰਦੇ ਹਨ।
ਬੁਲਬੁਲ ਮਟਰ ਆਦਿ ਦਾ ਸ਼ੌਕੀਨ ਹੁੰਦਾ ਹੈ ਜਿਸ ਲਈ ਇਸਨੂੰ ਫਲਦਾਰ ਖੇਤੀ ਲਈ ਹਾਨੀਕਾਰਕ ਮੰਨਿਆਂ ਜਾਂਦਾ ਹੈ। ਕਈ ਜਗ੍ਹਾ ਤੇ ਫਸਲਾਂ ਨੂੰ ਬੁਲਬੁਲ ਤੋਂ ਬਚਾਉਣ ਲਈ ਮੈਥੀਓਕਾਰਬ ਅਤੇ ਜ਼ਿਰਾਮ ਨਾਮ ਦੀ ਦਵਾਈ ਦਾ ਛਿੜਕਾਵ ਕੀਤਾ ਜਾਂਦਾ ਹੈ।
ਇਹ ਪੰਛੀ ਬੇਰੀ, ਖਜੂਰ ਆਦਿ ਦੇ ਬੀਜਾਂ ਨੂੰ ਫੈਲਾਉਣ ਲਈ ਵੀ ਸਹਾਇਕ ਹੁੰਦਾ ਹੈ।
ਬੁਲਬੁਲ ਦੁਨੀਆਂ ਦੇ ਕੁੱਝ ਅਜਿਹੇ ਪੰਛੀਆਂ 'ਚੋਂ ਹੈ ਜੋ ਵਿਟਾਮਿਨ C ਦਾ ਸੰਸਲੇਸ਼ਣ ਨਹੀਂ ਕਰ ਪਾਉਂਦੇ।

ਕੰਢਿਆਲੀ ਤਾਰ ਤੇ ਵਿਸ਼ਰਾਮ ਕਰਦੀ ਹੋਈ ਬੁਲਬੁਲ

.: ਜਨਸੰਖਿਆ :.

ਬੁਲਬੁਲ ਭਾਰਤ ਵਿੱਚ ਬਹੁਤਾਤ ਵਿੱਚ ਪਾਇਆ ਜਾਣ ਵਾਲਾ ਪੰਛੀ ਹੈ ਜਿਸਤੇ ਅਲੋਪ ਹੋਣ ਦਾ ਕੋਈ ਖਤਰਾ ਨਹੀਂ ਹੈ। ਫਿਲਹਾਲ ਇਸਦੀ ਵੈਸ਼ਵਿਕ ਜਨਗਣਨਾਂ ਨਹੀ ਹੋਈ ਹੈ ਪਰ ਇਕ ਸ਼ੋਧ ਦੁਆਰਾ ਪਤਾ ਲੱਗਿਆ ਹੈ ਕਿ ਇਸਦਾ ਖੇਤਰੀ ਫੈਲਾਅ 19,000 ਵਰਗ ਕਿ.ਮੀ. ਹੁੰਦਾ ਹੈ।


.: ਖਤਰੇ :.

ਜੰਗਲੀ ਅੱਗ, ਬਹੁਤੀ ਬਾਰਿਸ਼, ਰੂੜੀਵਾਦੀ ਵਿਚਾਰ ਅਤੇ ਸ਼ਿਕਾਰੀ ਪਰਿੰਦੇ ਇਹਦੇ ਲਈ ਮੁੱਖ ਖਤਰਾ ਹਨ।
ਗੁਹਾਟੀ (ਅਸਾਮ) ਦੇ ਹਾਇਗਰਬ ਮੱਧਬ ਹਿੰਦੂ ਮੰਦਿਰ ਵਿੱਚ ਭਿਜਾਲੀ ਬੀਹੂ ਤਿਓਹਾਰ ਤੇ ਬੁਲਬੁਲਾਂ ਦੀ ਲੜਾਈ ਕਰਵਾਉਣ ਦੀ ਪਰੰਪਰਾ ਹੈ। ਇਸ ਲੜਾਈ 'ਚ ਦੋ ਧਿਰਾਂ ਮੇਜ਼ ਦੇ ਆਹਮਣੇ-ਸਾਹਮਣੇ ਬੈਠਦੀਆਂ ਹਨ। ਬੁਲਬਲਾਂ ਦੇ ਪੰਜਿਆਂ ਨੂੰ ਧਾਗੇ ਬੰਨ ਕੇ ਉਹਨਾਂ ਦੇ ਮਾਲਕਾਂ ਨੇ ਆਪਣੇ ਉਂਗਲਾਂ ਨਾਲ ਬੰਨ੍ਹਿਆਂ ਹੁੰਦਾ ਹੈ। ਲਾਲਚ ਦੇ ਕੇ ਦੋਹਾਂ ਨੂੰ ਉਕਸਾਇਆ ਜਾਂਦਾ ਹੈ, ਖੋਹ ਕੇ ਖਾਣ ਦੀ ਆਦਤ ਕਾਰਣ ਬੁਲਬੁਲ ਸਾਹਮਣੇ ਵਾਲੀ ਬੁਲਬੁਲ ਤੇ ਭਿਆਨਕ ਹਮਲਾ ਕਰਦੀ ਹੈ ਅਤੇ ਇਹ ਲੜਾਈ ਇਕ ਦੀ ਮੌਤ ਤੇ ਮੁੱਕਦੀ ਹੈ। ਲੜਾਈ ਤੋਂ ਪਹਿਲਾਂ ਬੁਲਬੁਲਾਂ ਨੂੰ ਨਸ਼ੀਲੀਆਂ ਜੜ੍ਹੀ-ਬੂਟੀਆਂ ਖੁਆ ਕੇ ਨਸ਼ਈ ਕਰ ਦਿੱਤਾ ਜਾਂਦਾ ਹੈ। ਇਸ ਰੂੜੀਵਾਦੀ ਪਰੰਪਰਾ ਕਰਕੇ ਹਜ਼ਾਰਾਂ ਬੁਲਬਲਾਂ ਹਰ ਸਾਲ ਇਸ ਲੜਾਈ 'ਚ ਆਪਣੀ ਜਾਨ ਗਵਾ ਬੈਠਦੀਆਂ ਹਨ। ਮੰਨਿਆਂ ਜਾਂਦਾ ਹੈ ਕੇ ਜਿਸਦੀ ਬੁਲਬੁਲ ਇਹ ਮੁਕਾਬਲਾ ਜਿੱਤਦੀ ਹੈ ਉਸਦੀ ਫਸਲ ਚੰਗੀ ਹੁੰਦੀ ਹੈ।
demotix.com ਤੋਂ ਲਈ ਗਈ ਬੁਲਬੁਲ ਦੀ ਲੜਾਈ ਦੀ ਤਸਵੀਰ
ਜੇਕਰ ਤੁਹਾਨੂੰ ਲੱਗਦਾ ਹੈ ਕਿ ਦਿੱਤੀ ਹੋਈ ਜਾਣਕਾਰੀ ਵਿੱਚ ਕੁੱਝ ਗਲਤ ਹੈ ਜਾਂ ਜਾਂ ਅਧੂਰੀ ਹੈ ਤਾਂ ਏਥੇ ਕਲਿਕ ਕਰਕੇ ਮੈਨੂੰ ਸੰਪਰਕ ਕਰੋ।. ਧੰਨਵਾਦ: ਗੌਰਵ ਮਾਧੋਪੁਰੀ

©2013. ALL RIGHTS RESERVED TO AUTHOR. The unauthorized reproduction or distribution of this copyrighted work is illegal.

6 comments:

  1. v,gud ਗੌਰਵ ਮਾਧੋਪੁਰੀ,,, jio

    ReplyDelete
  2. Bulbal bird is wild bird as well as a bird kept in house, the red coloured is male while yellow is female
    TRUE OR FALSE ??

    ReplyDelete
  3. ਬੈੱਨ ਅਫਲੈੱਕ17 March 2013 at 03:55

    ਬਹੁਤ ਵਧੀਆ ਉਪਰਾਲਾ , ਗੌਰਵ । ਡਟੇ ਰਹੋ।

    ReplyDelete